ਪਿੰਡਾਂ 'ਚੋਂ ਅਲੋਪ ਹੋਈਆਂ ਦਾਣੇ ਭੁੰਨਣ ਵਾਲੀਆਂ ਭੱਠੀਆਂ
ਜਦੋਂ ਵੀ ਮੈਂ 'ਲੈ ਜਾ ਛੱਲੀਆਂ ਭੁਨਾ ਲਈਂ ਦਾਣੇ' ਗੀਤ ਸੁਣਦਾ ਹਾਂ ਤਾਂ ਅੱਖਾਂ ਮੂਹਰੇ ਏਨਾ ਕੁਝ ਆ ਖਲੋਂਦਾ ਏ, ਜਿਸ ਨੂੰ ਬਿਆਨ ਸਕਣਾ ਸੁਖਾਲਾ ਨਹੀਂ। ਕਿੰਨਾ ਸਾਦਾ ਸੀ ਉਹ ਦੌਰ। ਗਾਉਣ ਵਾਲੇ ਨੇ ਉਸ ਵਕਤ ਦੇ ਕਿੰਨੇ ਮਹਾਨ ਪਲ਼ ਨੂੰ ਬਿਆਨ ਕੀਤਾ। ਭੱਠੀ ਵਾਲੀ ਦੇ ਆਲੇ-ਦੁਆਲੇ ਗੋਲ ਦਾਇਰਾ ਬਣਾ ਕੇ ਆਪਣੀ ਵਾਰੀ ਦੀ ਉਡੀਕ ਕਰਦੇ ਨਿਆਣੇ-ਸਿਆਣੇ ਅੱਖਾਂ ਮੂਹਰੇ ਰੀਲ੍ਹ ਵਾਂਗ ਆਉਣ ਲੱਗਦੇ ਨੇ। ਅੱਜ ਮੱਕੀ ਦੇ ਦਾਣੇ ਪੌਪਕੌਰਨ ਬਣ ਚੁੱਕੇ ਨੇ, ਤਰ੍ਹਾਂ-ਤਰ੍ਹਾਂ ਦੇ ਸੁਆਦਾਂ ਵਾਲੇ। ਪਰ ਕਿਸੇ ਵੇਲ਼ੇ ਖੇਤੀਬਾੜੀ ਵਾਲੇ ਸਾਰੇ ਘਰਾਂ ਵੱਲੋਂ ਮੱਕੀ ਬੀਜੀ ਜਾਂਦੀ ਸੀ ਤੇ ਆਪਣੇ ਜੋਗੀ ਘਰ ਰੱਖ ਕੇ ਬਾਕੀ ਵੇਚ ਦਿੱਤੀ ਜਾਂਦੀ ਸੀ। ਮੱਕੀ ਦੀ ਰੋਟੀ ਲਈ ਆਟਾ ਬਣਵਾ ਲਿਆ ਜਾਂਦਾ ਸੀ ਤੇ ਨਿਆਣੇ ਖੁਸ਼ ਰੱਖਣ ਲਈ ਕੌਲੀ-ਬਾਟੀ ਭਰ ਕੇ ਦਾਣੇ ਦੇ ਦਿੱਤੇ ਜਾਂਦੇ ਸਨ। ਪਿੰਡ ਦੇ ਵਿਚਾਲੇ ਜਾਂ ਕਿਸੇ ਕਿਸੇ ਨੁੱਕਰ 'ਤੇ ਦਾਣੇ ਭੁੰਨਣ ਵਾਲੀ ਭੱਠੀ ਹੁੰਦੀ ਸੀ, ਜਿੱਥੇ 'ਪਹਿਲਾਂ ਆਓ, ਪਹਿਲਾਂ ਪਾਓ' ਵਾਲਾ ਸਿਧਾਂਤ ਚੱਲਦਾ ਸੀ। ਭੱਠੀ ਵਾਲੀ ਬੀਬੀ ਨੇ ਕਿੰਨੇ ਦਾਣਿਆਂ ਦੇ ਕਿੰਨੇ ਪੈਸੇ ਲੈਣੇ ਨੇ, ਭਾਅ ਮਿੱਥਿਆ ਹੁੰਦਾ ਸੀ ਜਾਂ ਉਹ ਭੁੰਨੇ ਗਏ ਦਾਣਿਆਂ 'ਚੋਂ ਆਪਣਾ ਹਿੱਸਾ ਰੱਖ ਲੈਂਦੀ ਸੀ।
ਕਈ ਸ਼ਰਾਰਤੀ ਨਿਆਣੇ ਭੱਠੀ ਵਾਲੀ ਨੂੰ ਗੱਲੀਂ ਲਾ ਕੇ ਉਹਦੇ ਦਾਣੇ ਚੋਰੀ ਕਰ ਲੈਂਦੇ ਤੇ ਜਦੋਂ ਉਹਨੂੰ ਵਿਚਾਰੀ ਨੂੰ ਪਤਾ ਲੱਗਦਾ ਤਾਂ ਉਹ ਅੱਗ ਬਬੂਲੀ ਹੋ ਜਾਂਦੀ।
ਅੱਜ ਜਦੋਂ ਉਨ੍ਹਾਂ ਸਾਰੀਆਂ ਗੱਲਾਂ ਬਾਰੇ ਸੋਚਦੇ ਹਾਂ ਤਾਂ ਇੰਜ ਲੱਗਦੈ ਜਿਵੇਂ ਥੋੜ੍ਹੇ ਕੁ ਸਮੇਂ ਵਿਚ ਅਸੀਂ ਉਸ ਦੌਰ ਨਾਲੋਂ ਬਹੁਤ ਜ਼ਿਆਦਾ ਦੂਰ ਹੋ ਗਏ ਹਾਂ। ਅੱਜ ਬਜ਼ਾਰ 'ਚੋਂ ਮੱਕੀ ਦੇ ਦਾਣੇ ਪੈਕੇਟਾਂ ਵਿਚ ਬੰਦ ਮਿਲਦੇ ਨੇ, ਜਿਨ੍ਹਾਂ ਨੂੰ ਘਰ ਕੂਕਰ ਜਾਂ ਹੋਰ ਭਾਂਡੇ 'ਚ ਭੁੰਨ ਕੇ ਨਿਆਣੇ ਖੁਸ਼ ਕਰਨ ਦਾ ਯਤਨ ਕੀਤਾ ਜਾਂਦੈ, ਪਰ ਨਿਆਣੇ ਏਨੇ ਨਾਲ ਕਿੱਥੇ ਖੁਸ਼ ਹੁੰਦੇ ਨੇ। ਬਜ਼ਾਰਾਂ ਵਿਚ ਪੌਪਕੌਰਨ ਏਨੇ ਮਹਿੰਗੇ ਮਿਲਦੇ ਨੇ ਕਿ ਹੈਰਾਨੀ ਦੀ ਹੱਦ ਨਹੀਂ ਰਹਿੰਦੀ। ਖੇਤੀਬਾੜੀ ਨਾਲ ਜੁੜੇ ਲੋਕਾਂ ਦਾ ਮੱਕੀ ਬੀਜਣ ਵੱਲੋਂ ਰੁਝਾਨ ਪਹਿਲਾਂ ਦੇ ਮੁਕਾਬਲੇ ਘਟਿਆ ਹੈ ਤੇ ਜਦੋਂ ਲੋਕਾਂ ਦੇ ਸਵਾਦ ਬਦਲ ਗਏ ਤਾਂ ਪਿੰਡਾਂ 'ਚ ਦਿਸਣ ਵਾਲੀਆਂ ਭੱਠੀਆਂ ਵੀ ਕਿੱਥੋਂ ਲੱਭਣ।
ਸਾਡੇ ਪਿੰਡਾਂ ਵੱਲ ਦੀ ਇੱਕ ਮਾਤਾ ਦੱਸਦੀ ਹੈ ਕਿ ਪੰਦਰਾਂ ਸਾਲ ਮੈਂ ਭੱਠੀ 'ਤੇ ਦਾਣੇ ਭੁੰਨਣ ਦਾ ਕੰਮ ਕਰਦੀ ਰਹੀ। ਰੋਟੀ-ਟੁੱਕ ਜੋਗਾ ਕੰਮ ਹੋ ਜਾਂਦਾ ਸੀ, ਪਰ ਫੇਰ ਹੌਲੀ-ਹੌਲੀ ਇਹ ਕੰਮ ਲਗਭਗ ਖਤਮ ਹੋ ਗਿਆ, ਨਿਆਣਿਆਂ ਦਾ ਮਨ ਪ੍ਰਚਾਉਣ ਵਾਲੀਆਂ ਹੋਰ ਬਹੁਤ ਚੀਜ਼ਾਂ ਆ ਗਈਆਂ ਤੇ ਭੱਠੀ ਬੰਦ ਕਰਨੀ ਪੈ ਗਈ। ਉਹ ਦੌਰ ਨਹੀਂ ਮੁੜ ਸਕਦਾ, ਇਹ ਜਾਣਦਿਆਂ ਵੀ ਮਨ ਕਦੇ-ਕਦੇ ਪੁਰਾਣੇ ਦੌਰ ਵੱਲ ਉਡਾਰੀ ਲਾਉਣ ਨੂੰ ਕਰਦਾ ਰਹਿੰਦੈ।














