ਹੁਣ ਆਮ ਘਰਾਂ ਵਿਚ ਨਹੀਂ ਰਹੇ ਪਿੱਤਲ ਦੇ ਭਾਂਡੇ
ਜਦੋਂ ਪਿੰਡਾਂ ਦਾ ਅੱਜ ਵਾਂਗ ਨਵੀਨੀਕਰਨ ਨਹੀਂ ਸੀ ਹੋਇਆ, ਉਦੋਂ ਦੇ ਘਰਾਂ ਵਿਚਲੀਆਂ ਰਸੋਈਆਂ ਬਾਰੇ ਸੋਚ ਕੇ ਬੜਾ ਕੁਝ ਚੇਤੇ ਦੀ ਚੰਗੇਰ ਵਿਚ ਆ ਜਾਂਦੈ | ਕੱਚੀਆਂ ਕੰਧਾਂ, ਗਾਡਰਾਂ ਦੀ ਥਾਂ ਸ਼ਤੀਰੀਆਂ ਤੇ ਉੱਪਰ ਕਾਨਿਆਂ ਦੀ ਛੱਤ ਪਾ ਕੇ ਮਿੱਟੀ ਪਾ ਕੇ ਲਿੱਪ ਦਿੱਤੀ ਜਾਂਦੀ ਸੀ | ਰਸੋਈ ਵਿੱਚ ਹੱਥੀਂ ਬਣਾਇਆ ਚੁੱਲ੍ਹਾ, ਹਾਰਾ ਤੇ ਹੋਰ ਸਭ ਕੁਝ ਹੁੰਦਾ ਸੀ | ਕਿੱਲ ਗੱਡ ਕੇ ਉੱਪਰ ਫੱਟੇ ਰੱਖ ਦਿੱਤੇ ਜਾਂਦੇ ਤੇ ਇੰਜ ਬਣੀ ਸੈਲਫ਼ ਉੱਤੇ ਪਿੱਤਲ ਦੇ ਭਾਂਡੇ ਟਿਕਾਏ ਹੁੰਦੇ | ਰਸੋਈ ਵਿਚੋਂ ਕੋਈ ਚੀਜ਼ ਲੈਣ ਜਾਣਾ ਤਾਂ ਚਿੜੀਆਂ ਦੀ ਚੀਂ-ਚੀਂ ਨੇ ਮਨ ਮੋਹ ਲੈਣਾ | ਉਹ ਵਿਚਾਰੀਆਂ ਛੱਤ ਵਾਲੇ ਸਰ ਕਾਨਿਆਂ ਦੀ ਫੋਲਾ-ਫਾਲੀ ਕਰਕੇ ਆਪਣੇ ਆਲ੍ਹਣੇ ਬਣਾਉਣ ਵਿਚ ਜੁਟੀਆਂ ਰਹਿੰਦੀਆਂ ਸਨ |
ਅੱਜ ਜ਼ਮਾਨਾ ਬਦਲ ਗਿਐ | ਹੁਣ ਪਿੰਡਾਂ ਵਿਚਲੀਆਂ ਰਸੋਈਆਂ ਸਹੀ ਅਰਥਾਂ ਵਿੱਚ 'ਕਿਚਨ' ਬਣ ਗਈਆਂ ਨੇ | ਹੁਣ ਏਥੇ ਪਿੱਤਲ ਦੇ ਭਾਂਡੇ ਨਹੀਂ ਦਿਸਦੇ, ਸਗੋਂ ਨਵੇਂ-ਨਵੇਂ ਡਿਜ਼ਾਈਨ ਵਾਲੇ ਸਟੀਲ ਤੇ ਹੋਰ ਧਾਤਾਂ ਦੇ ਭਾਂਡੇ ਦਿਖਾਈ ਦਿੰਦੇ ਨੇ | ਮਹਿਮਾਨਾਂ ਲਈ ਭਾਂਡਿਆਂ ਦੇ ਵੱਖਰੇ ਸੈੱਟ ਹੁੰਦੇ ਨੇ ਤੇ ਘਰ ਵਰਤੋਂ ਲਈ ਵੱਖਰੇ | ਪਿੱਤਲ ਦੇ ਭਾਂਡੇ ਪੇਟੀਆਂ ਵਿੱਚ ਪਹੁੰਚ ਚੁੱਕੇ ਨੇ ਜਾਂ ਫਿਰ ਭਾਂਡਿਆਂ ਵਾਲੀਆਂ ਦੁਕਾਨਾਂ 'ਤੇ ਤੋਲ ਕੇ ਵੇਚੇ ਜਾ ਚੁੱਕੇ ਨੇ | ਪਿਛਲੇ ਦਿਨੀਂ ਇੱਕ ਪ੍ਰਦਰਸ਼ਨੀ ਦੀ ਤਸਵੀਰ ਦੇਖੀ ਤਾਂ ਪਹਿਲਾਂ ਵਾਲਾ ਬੜਾ ਕੁਝ ਚੇਤੇ ਹੋ ਗਿਆ | ਪਿੱਤਲ ਦੀ ਪਰਾਂਤ, ਡੋਲੂ, ਵੱਡੇ-ਵੱਡੇ ਗਲਾਸ, ਥਾਲ, ਬਾਟੀਆਂ ਤੇ ਹੋਰ ਕਿੰਨਾ ਹੀ ਕੁਝ ਦੇਖ ਇੰਜ ਲੱਗਣ ਲੱਗਾ ਜਿਵੇਂ ਇਹ ਸਾਡੇ ਹੀ ਪੁਰਾਣੇ ਘਰ ਦਾ ਸਮਾਨ ਹੋਵੇ | ਇਹੋ ਜਿਹੀ ਪ੍ਰਦਰਸ਼ਨੀਆਂ ਵਿਰਸੇ ਨਾਲ ਮੁਹੱਬਤ ਕਰਨ ਵਾਲਿਆਂ ਵੱਲੋਂ ਥਾਂ-ਥਾਂ ਲਗਾਈਆਂ ਜਾਂਦੀਆਂ ਨੇ, ਜਿਨ੍ਹਾਂ ਨੂੰ ਦੇਖ ਮਨ ਗਦਗਦ ਹੋ ਉੱਠਦੈ | ਅਤੀਤ ਨਾਲ ਮੋਹ ਪਾਲਣ ਵਾਲੇ ਲੋਕ ਇਨ੍ਹਾਂ ਚੀਜ਼ਾਂ ਨੂੰ ਨਿਹਾਰਦੇ ਨੇ, ਛੂੰਹਦੇ ਨੇ ਤੇ ਇਨ੍ਹਾਂ ਵੱਲ ਤੱਕ ਲੰਘਿਆ ਵੇਲ਼ਾ ਯਾਦ ਕਰ ਛੱਡਦੇ ਨੇ |
ਪਿੱਛੇ ਜਹੇ ਜਦੋਂ ਮਾਲਵੇ ਦੇ ਇਕ ਸਕੂਲ 'ਚ ਲੱਗੀ ਪ੍ਰਦਰਸ਼ਨੀ ਦੇਖੀ ਤਾਂ ਭਾਂਤ-ਸੁਭਾਂਤੀਆਂ ਚੀਜ਼ਾਂ ਦੇਖ ਰੂਹ ਖੁਸ਼ ਹੋ ਗਈ | ਪ੍ਰਦਰਸ਼ਨੀ ਲਾਉਣ ਵਾਲੀ ਕਲੱਬ ਦੇ ਸਾਥੀਆਂ ਨੇ ਦੱਸਿਆ ਕਿ ਉਹ ਇਹ ਯਤਨ ਸਕੂਲੀ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਤੋਂ ਜਾਣੂ ਕਰਾਉਣ ਲਈ ਕਰਦੇ ਹਨ ਤੇ ਜਦੋਂ ਬੱਚੇ ਸਾਥੋਂ ਪੁੱਛਦੇ ਨੇ, 'ਇਹ ਛੰਨਾ ਕੀ ਹੁੰਦੈ, ਏਨੇ-ਏਨੇ ਵੱਡੇ ਕੰਗਣੀ ਵਾਲੇ ਗਲਾਸ ਕਿਉਂ ਹੁੰਦੇ ਸੀ' ਤਾਂ ਸਾਡਾ ਹਾਸਾ ਵੀ ਨਿਕਲਦੈ ਤੇ ਹੈਰਾਨੀ ਵੀ ਹੁੰਦੀ ਏ ਕਿ ਇਨ੍ਹਾਂ ਵਿਚਾਰਿਆਂ ਨੇ ਜਦੋਂ ਇਹ ਸਭ ਚੀਜ਼ਾਂ ਕਦੇ ਘਰਾਂ ਵਿਚ ਦੇਖੀਆਂ ਹੀ ਨਹੀਂ ਤਾਂ ਇਹੋ ਜਿਹੇ ਸਵਾਲ ਹੀ ਕਰਨੇ ਨੇ | ਧੰਨਵਾਦੀ ਹਾਂ ਉਨ੍ਹਾਂ ਲੋਕਾਂ ਦੇ, ਜਿਹੜੇ ਘਰਾਂ ਵਿਚੋਂ ਅਲੋਪ ਹੋ ਰਹੀਆਂ ਚੀਜ਼ਾਂ ਨੂੰ ਸੰਭਾਲ ਕੇ ਰੱਖੀ ਬੈਠੇ ਨੇ ਤੇ ਗਾਹੇ-ਬਗਾਹੇ ਉਨ੍ਹਾਂ ਦਾ ਪ੍ਰਦਰਸ਼ਨ ਵੀ ਕਰਦੇ ਰਹਿੰਦੇ ਨੇ |